ਕਾਠਗੜ੍ਹ
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਦੇ ਸੱਦੇ 'ਤੇ ਬੱਛੂਆਂ ਟੋਲ ਪਲਾਜ਼ਾ 'ਤੇ ਸ਼ਾਂਤਮਈ ਰੋਸ ਪ੍ਰਦਰਸ਼ਨ; ਆਮ ਜਨਤਾ ਤੇ ਟਰੱਕ ਚਾਲਕਾਂ ਨੇ ਦਿੱਤਾ ਭਰਵਾਂ ਸਮਰਥਨ
'ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਕੀਤਾ ਜਾਵੇ ਰਿਹਾਅ'—ਜਥੇਦਾਰ ਹਰਨੇਕ ਸਿੰਘ ਫੋਜੀ ਜਥੇਬੰਦੀਆਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ
ਐਮਰਜੈਂਸੀ ਵਾਹਨਾਂ ਲਈ ਰੱਖਿਆ ਗਿਆ ਵਿਸ਼ੇਸ਼ ਲਾਂਘਾ
ਕੌਮੀ ਇਨਸਾਫ਼ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਬੱਛੂਆਂ ਟੋਲ ਪਲਾਜ਼ਾ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਲਾਕੇ ਦੇ ਲੋਕਾਂ ਅਤੇ ਖ਼ਾਸ ਤੌਰ 'ਤੇ ਟਰੱਕ ਅਪਰੇਟਰਾਂ ਵੱਲੋਂ ਸੰਘਰਸ਼ ਦਾ ਪੂਰਨ ਸਮਰਥਨ ਕੀਤਾ ਗਿਆ। ਕਈ ਟਰੱਕ ਚਾਲਕਾਂ ਕੋਲ ਕੱਚਾ ਮਾਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਸੰਘਰਸ਼ ਦੀ ਗੰਭੀਰਤਾ ਨੂੰ ਸਮਝਦਿਆਂ ਆਪਣੀਆਂ ਗੱਡੀਆਂ ਸੜਕ ਕਿਨਾਰੇ ਖੜ੍ਹੀਆਂ ਕਰਕੇ ਪ੍ਰਦਰਸ਼ਨਕਾਰੀਆਂ ਨਾਲ ਡਟਵਾਂ ਸਾਥ ਦਿੱਤਾ।
ਧਰਨੇ ਦੌਰਾਨ ਆਮ ਲੋਕਾਂ ਦੀ ਸਹੂਲਤ ਅਤੇ ਐਮਰਜੈਂਸੀ ਹਾਲਾਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਪ੍ਰਬੰਧਕਾਂ ਅਤੇ ਵਲੰਟੀਅਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਤਾਲਮੇਲ ਨਾਲ ਦੋ ਐਮਰਜੈਂਸੀ ਲਾਈਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਸਨ, ਜਿਨ੍ਹਾਂ ਰਾਹੀਂ ਪੀ.ਜੀ.ਆਈ. ਜਾਣ ਵਾਲੇ ਮਰੀਜ਼ਾਂ, ਐਂਬੂਲੈਂਸਾਂ, ਅਫ਼ਸੋਸ ਜਾਂ ਵਿਆਹ-ਸ਼ਾਦੀਆਂ ਵਾਲੇ ਵਾਹਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲੰਘਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਕਿਸੇ ਵੀ ਆਮ ਨਾਗਰਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਸਗੋਂ ਇਹ ਕਦਮ ਗੂੰਗੀਆਂ-ਬੋਲੀਆਂ ਸਰਕਾਰਾਂ ਦੇ ਕੰਨ ਖੋਲ੍ਹਣ ਲਈ ਚੁੱਕਿਆ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਆਖਿਆ ਕਿ ਬੰਦੀ ਸਿੰਘ ਪਿਛਲੇ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਸਰਕਾਰਾਂ ਵੱਲੋਂ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੇ ਬਾਹਰ ਆਉਣ ਨਾਲ ਅਮਨ-ਕਾਨੂੰਨ ਨੂੰ ਖ਼ਤਰਾ ਹੈ, ਜਦਕਿ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਹਰ ਵਰਗ ਦੇ ਲੋਕ ਅਤੇ ਹਿੰਦੂ ਸੰਗਠਨ ਵੀ ਮਨੁੱਖੀ ਅਧਿਕਾਰਾਂ ਦੇ ਆਧਾਰ 'ਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਆਗੂਆਂ ਨੇ ਖ਼ਾਸ ਤੌਰ 'ਤੇ ਜ਼ਿਕਰ ਕੀਤਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਬਹੁਤ ਬਿਰਧ ਹਨ ਅਤੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ, ਪਰ ਸਰਕਾਰ ਵੱਲੋਂ ਪੁੱਤ ਨੂੰ ਮਾਂ ਨਾਲ ਮਿਲਾਉਣ ਲਈ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨਸਾਫ਼ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪ੍ਰਦਰਸ਼ਨ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਚਾਰੂ ਬਣਾਈ ਰੱਖਣ ਲਈ ਜਥੇਬੰਦੀ ਵੱਲੋਂ ਡੀ.ਐੱਸ.ਪੀ. ਹੇਮੰਤ ਮਲਹੋਤਰਾ, ਐੱਸ.ਐੱਚ.ਓ. ਇੰਸਪੈਕਟਰ ਕਮਲ ਤਨੇਜਾ, ਚੌਕੀ ਇੰਚਾਰਜ ਏ.ਐੱਸ.ਆਈ. ਸਿਕੰਦਰ ਪਾਲ ਅਤੇ ਸਮੁੱਚੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਜਥੇਦਾਰ ਹਰਨੇਕ ਸਿੰਘ ਫ਼ੌਜੀ, ਵਾਰਿਸ ਪੰਜਾਬ ਦੇ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਪ੍ਰਵੇਸ਼ ਖੋਸਲਾ ਬਲਾਚੌਰ, ਠੇਕੇਦਾਰ ਗੁਰਚਰਨ ਸਿੰਘ ਉੱਦਲਣੀ, ਇਕਬਾਲ ਸਿੰਘ ਮਾਨ ਪਨਿਆਲੀ ਕਲਾਂ, ਗੁਰਵਿੰਦਰ ਸਿੰਘ ਚੀਮਾ, ਹਰਜਿੰਦਰ ਸਿੰਘ, ਜਥੇਦਾਰ ਤਰਲੋਚਨ ਸਿੰਘ ਮਾਨ ਪਨਿਆਲੀ, ਗੁਰਮੁੱਖ ਸਿੰਘ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਜਥੇਦਾਰ ਜਗਤਾਰ ਸਿੰਘ, ਜਸਕਰਨ ਸਿੰਘ, ਗੁਰਮੁੱਖ ਸਿੰਘ ਮਹਿਮੂਦਪੁਰ ਮੰਡਾਰ, ਗੁਲਾਬ ਸਿੰਘ ਸੁੱਧਾਮਾਜਰਾ, ਸਾਬਕਾ ਸਰਪੰਚ ਨਰਾਇਣ ਚੰਦ, ਰਮੇਸ਼ ਕੁਮਾਰ ਮੁੱਤੋਂ, ਸ਼ਾਮ ਲਾਲ ਮਿਹਰ ਕਟਾਰੀਆ (ਪ੍ਰਧਾਨ ਟਰੱਕ ਯੂਨੀਅਨ ਬਲਾਚੌਰ), ਬਲਦੇਵ ਸਿੰਘ ਖੋਸਲਾ, ਜਸ਼ਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਜ਼ੋਰਾ ਸਿੰਘ ਪਨਿਆਲੀ ਅਤੇ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।