ਲੜਕੀਆਂ ਅਤੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾ ਰਿਹੈ ਰੂਰਲ ਸੈਲਫ ਰੋਜ਼ਗਾਰ ਟਰੇਨਿੰਗ ਇੰਸਟੀਚਿਊਟ : ਅਪਨੀਤ ਰਿਆਤ
ਇੰਸਟੀਚਿਊਟ ’ਚ ਹੁਣ ਤੱਕ 4057 ਮਹਿਲਾਵਾਂ ਨੂੰ ਵੱਖ-ਵੱਖ ਰੋਜਗਾਰਮੁਖੀ ਕੋਰਸਾਂ ਦੀ ਦਿੱਤੀ ਜਾ ਚੁੱਕੀ ਹੈ ਸਿਖਲਾਈ, 2382 ਨੂੰ ਕੀਤਾ ਪੈਰ੍ਹਾਂ ’ਤੇ ਖੜ੍ਹਾ
ਹੁਸ਼ਿਆਰਪੁਰ, 29 ਜਨਵਰੀ :
ਜ਼ਿਲ੍ਹੇ ਵਿੱਚ ਲੜਕੀਆਂ ਅਤੇ ਮਹਿਲਾਵਾਂ ਦੇ ਸਰਵਪੱਖੀ ਵਿਕਾਸ ਲਈ ਪ੍ਰਸ਼ਾਸਨ ਵਲੋਂ ਕੀਤੇ ਗਏ ਯਤਨਾਂ ਦੇ ਚੱਲਦੇ ਅੱਜ ਹਜ਼ਾਰਾਂ ਮਹਿਲਾਵਾਂ ਆਤਮ ਵਿਸ਼ਵਾਸ਼ ਨਾਲ ਭਰੀਆਂ ਆਪਣੇ ਪੈਰ੍ਹਾਂ ’ਤੇ ਖੜ੍ਹੀਆਂ ਹੋ ਚੁੱਕੀਆਂ ਹਨ। ਇਸ ਪਹਿਲਕਦਮੀ ਵਿੱਚ ਜ਼ਿਲ੍ਹਾ ਪੀ.ਐਨ.ਬੀ. ਰੂਰਲ ਸੈਲਫ ਰੋਜ਼ਗਾਰ ਟਰੇਨਿੰਗ ਇੰਸਟੀਚਿਊਟ (ਆਰ.ਐਸ.ਈ.ਟੀ.ਆਈ) ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਆਰ.ਐਸ.ਈ.ਟੀ.ਆਈ ਨਾਲ 1 ਜਨਵਰੀ 2013 ਤੋਂ ਲੈ ਕੇ ਹੁਣ ਤੱਕ 4057 ਮਹਿਲਾਵਾਂ ਨੂੰ ਵੱਖ-ਵੱਖ ਰੋਜ਼ਗਾਰਮੁਖੀ ਕੋਰਸਾਂ ਦੀ ਟਰੇਨਿੰਗ ਦਿਵਾਈ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 2382 ਮਹਿਲਾਵਾਂ ਆਪਣੇ ਪੈਰ੍ਹਾਂ ’ਤੇ ਖੜ੍ਹੀਆਂ ਹੋ ਚੁੱਕੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ ਕੁੱਲ 181 ਮਹਿਲਾਵਾਂ ਨੂੰ ਵੱਖ-ਵੱਖ ਕੋਰਸਾਂ ਦੀ ਟਰੇਨਿੰਗ ਦਿੱਤੀ ਗਈ ਹੈ ਜਿਨ੍ਹਾਂ ਵਿਚੋਂ 64 ਨੇ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰ ਲਿਆ ਹੈ। ਉਨ੍ਹਾਂ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਰ.ਐਸ.ਈ.ਟੀ.ਆਈ ਵਲੋਂ ਕਰਵਾਏ ਜਾ ਰਹੇ ਕਿੱਤਾਮੁਖੀ ਕੋਰਸ ਕਰਕੇ ਉਹ ਵੀ ਆਪਣੇ ਪੈਰ੍ਹਾਂ ’ਤੇ ਖੜ੍ਹੇ ਹੋ ਕੇ ਸਵੈ ਰੋਜ਼ਗਾਰ ਨੂੰ ਅਪਣਾਉਣ।
ਅਪਨੀਤ ਰਿਆਤ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਆਮ ਉਤਮੀ ਪ੍ਰੋਗਰਾਮ (ਈਡੀਪੀ) ਸਿਖਲਾਈ ਦਿੱਤੀ ਜਾਂਦੀ ਹੈ ਇਥੇ ਸਿਖਿਆਰਥੀਆਂ ਨੂੰ ਵੱਖ-ਵੱਖ ਪੇਸ਼ੇਵਰ ਤਕਨੀਕਾਂ ਸਿਖਾਈਆਂ ਜਾਂਦੀਆਂ ਹਨ, ਜਿਸ ਵਿੱਚ ਉਦਮ ਸਮਰੱਥਾ ਦੀ ਜ਼ਰੂਰਤ, ਸਮੱਸਿਆ ਹੱਲ ਤਕਨੀਕ, ਮਾਰਕੀਟਿੰਗ ਮੈਨੇਜਮੈਂਟ, ਜੋਖਮ ਲੈਣਾ ਅਤੇ ਟੀਚਾ ਸੈਟ ਕਰਨਾ ਅਤੇ ਆਤਮਵਿਸ਼ਵਾਸ਼ ਵਿਕਸਿਤ ਕਰਨਾ ਆਦਿ ਪ੍ਰਮੁੱਖ ਹਨ। ਇਸ ਟਰੇਨਿੰਗ ਨੂੰ ਕਰਨ ਤੋਂ ਬਾਅਦ ਸਿਖਿਆਰਥੀ ਨੂੰ ਨਵੀਂ ਊਰਜਾ ਮਿਲਦੀ ਹੈ ਅਤੇ ਆਤਮਵਿਸ਼ਵਾਸ਼ ਵੱਧਦਾ ਹੈ।
ਡਾਇਰੈਕਟਰ ਆਰ.ਐਸ.ਈ.ਟੀ.ਆਈ ਦੇ ਕੇ.ਜੀ ਸ਼ਰਮਾ ਨੇ ਦੱਸਿਆ ਕਿ ਸੰਸਥਾ ਵਲੋਂ ਮਹਿਲਾਵਾਂ ਲਈ ਬਿਊਟੀ ਪਾਰਲਰਮੈਨੇਜਮੈਂਟ, ਟੇਲਰਿੰਗ, ਕੰਪਿਊਟਰਾਈਜ਼ ਅਕਾਂਊਟਿੰਗ, ਡਰੈਸ ਡਿਜਾਈਨਿੰਗ, ਡੇਅਰੀ ਫਾਰਮਿੰਗ ਐਂਡ ਵਰਮੀ ਕੰਪੋਸਟ ਮੇਕਿੰਗ, ਪਾਪੜ, ਪਿਕਲ ਐਂਡ ਮਸਾਲਾ ਪਾਊਡਰ ਮੇਕਿੰਗ ਆਦਿ ਪ੍ਰਮੁੱਖ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾਨ ਵਲੋਂ ਕੋਰਸ ਕਰਵਾਉਣ ਤੋਂ ਬਾਅਦ ਸਬੰਧਤ ਮਹਿਲਾ ਅਤੇ ਲੜਕੀ ਨੂੰ ਸਵੈ ਰੋਜ਼ਗਾਰ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਜੇਕਰ ਉਸਦੇ ਕੋਲ ਲੋੜੀਂਦੀ ਧਨ ਰਾਸ਼ੀ ਨਾ ਹੋਵੇ ਤਾਂ ਉਸਨੂੰ ਸਬੰਧਤ ਬੈਂਕ ਤੋਂ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਕਰਜਾ ਦਿਵਾ ਕੇ ਕੰਮ ਸ਼ੁਰੂ ਕਰਵਾਇਆ ਜਾਂਦਾ ਹੈ।