ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੰਦੋਆ ਚ ਵੱਖ ਵੱਖ ਜਥੇਬੰਦੀਆਂ ਨੇ ਮਨਾਇਆ ਕਾਲਾ ਦਿਵਸ
ਘਰਾਂ ਦੀਆਂ ਛੱਤਾਂ ਤੇ ਲਹਿਰਾਏ ਕਾਲੇ ਝੰਡੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਅੱਜ ਕਿਸਾਨੀ ਸੰਘਰਸ਼ ਦੇ 100 ਦਿਨ ਪੂਰੇ ਹੋਣ ਤੇ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਜਿੱਥੇ ਦਿੱਲੀ ਚ ਕੇਐਮਪੀ ਰੋਡ ਵਿਖੇ ਪੰਜ ਘੰਟੇ ਰੋਡ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ । ਉਥੇ ਹੀ ਅੱਜ ਪੂਰੇ ਭਾਰਤ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾ ਕੇ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ । ਇਸੇ ਕੜੀ ਦੇ ਤਹਿਤ ਅੱਜ ਬਲਾਕ ਨੂਰਪੁਰਬੇਦੀ ਦੇ ਪਿੰਡ ਸੰਦੋਆ ਵਿਖੇ ਵੱਖ ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕਾਲੇ ਝੰਡੇ ਲਹਿਰਾ ਕੇ ਕਾਲਾ ਦਿਵਸ ਮਨਾਇਆ ਗਿਆ । ਇਸ ਮੌਕੇ ਉਨ੍ਹਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਦੁਹਰਾਇਆ ਗਿਆ ।
ਇਸ ਮੌਕੇ ਗੱਲ ਕਰਦਿਆਂ ਕਾਮਰੇਡ ਭਜਨ ਸਿੰਘ ਸੰਦੋਆ ਕਾਮਰੇਡ ਗੀਤਾ ਰਾਮ ਤੇ ਗੁਰਨਾਮ ਦਾਸ ਨੇ ਕਿਹਾ ਕਿ ਦਿੱਲੀ ਚ ਪਿਛਲੇ 100 ਦਿਨਾਂ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਡਟੇ ਹੋਏ ਹਨ , ਪਰ ਕੇਂਦਰ ਸਰਕਾਰ ਆਪਣੇ ਅੜੀਅਲ ਵਤੀਰੇ ਤੇ ਹੀ ਕਾਇਮ ਹੈ । ਜਿਸ ਦੇ ਚੱਲਦਿਆਂ ਜਿੱਥੇ ਅੱਜ ਦਿੱਲੀ ਵਿਚ ਰੋਡ ਜਾਮ ਕੀਤਾ ਜਾ ਰਿਹਾ ਹੈ। ਉੱਥੇ ਹੀ ਅੱਜ ਪੂਰੇ ਭਾਰਤ ਵਿੱਚ ਕਾਲੇ ਝੰਡੇ ਲਹਿਰਾ ਕੇ ਕਾਲਾ ਦਿਵਸ ਮਨਾਇਆ ਗਿਆ ਤੇ ਪਿੰਡ ਸੰਦੋਆ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦਾ ਇਹ ਐਕਸ਼ਨ ਕੀਤਾ ਗਿਆ ।ਉਨ੍ਹਾਂ ਨੇ ਕਿਹਾ ਕਿ ਜੇਕਰ ਫਿਰ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜੋ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਨੂੰ ਸੱਦਾ ਦਿੱਤਾ ਜਾਵੇਗਾ ਉਹ ਉਸੇ ਤਹਿਤ ਹਰ ਤਰਾਂ ਦਾ ਸੰਘਰਸ਼ ਕਰਨ ਲਈ ਤਿਆਰ ਹਨ ।